20/06/2025
ਇਜਰਾਈਲ ਨਾਲ ਯੁੱਧ ਕਰਕੇ ਅੱਜ ਇਰਾਨ ਚਰਚਾ ‘ਚ ਹੈ, ਜਿਸਨੂੰ ਕੁਦਰਤ ਨੇ ਹਰ ਤਰ੍ਹਾਂ ਦੀ ਅਮੀਰੀ ਬਖਸ਼ੀ ਹੈ। ਜਿੱਥੇ ਇਰਾਨ ਦੁਨੀਆ ਦੇ ਸਭ ਤੋਂ ਵੱਡੇ ਤੇਲ ਅਤੇ ਕੁਦਰਤੀ ਗੈਸ ਦੇ ਭੰਡਾਰਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਸ ਦੇ ਕੋਲ ਵਿਸ਼ਵ ਦੇ ਕੁੱਲ ਤੇਲ ਭੰਡਾਰਾਂ ਦਾ ਲਗਭਗ 10% ਅਤੇ ਕੁਦਰਤੀ ਗੈਸ ਦਾ 15% ਹਿੱਸਾ ਹੈ। ਮੁੱਖ ਤੇਲ ਖੇਤਰ ਜਿਵੇਂ ਕਿ ਅਹਵਾਜ਼, ਮਾਰੂਨ, ਅਤੇ ਗਚਸਾਰਨ, ਅਤੇ ਦੱਖਣੀ ਫਾਰਸ ਵਰਗੇ ਵਿਸ਼ਾਲ ਗੈਸ ਖੇਤਰ ਇਰਾਨ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਇਹ ਸ੍ਰੋਤ ਵਿਦੇਸ਼ੀ ਮੁਦਰਾ ਅਤੇ ਊਰਜਾ ਸਪਲਾਈ ਦਾ ਮੁੱਖ ਸਾਧਨ ਹਨ। ਉੱਥੇ ਤਾਬਾਂ, ਲੋਹਾ, ਸੋਨਾ, ਜਿੰਕ ਅਤੇ ਫਾਸਫੇਟ ਵੱਲੋਂ ਕੁਦਰਤੀ ਤੌਰ ‘ਤੇ ਭਰਪੂਰ ਹੈ। ਇਸਦੇ ਨਾਲ ਹੀ ਇਹ ਸੱਭਿਆਚਾਰਕ, ਸਾਹਿਤਕ, ਕਲਾ, ਸਿਆਸਤ ਪੱਖੋਂ ਵੀ ਸਦੀਆਂ ਤੋਂ ਅਮੀਰ ਦੇਸ ਰਿਹਾ ਹੈ।
ਇਰਾਨ, ਇਸਲਾਮੀ ਗਣਰਾਜ ਇਰਾਨ, ਇੱਕ ਅਜਿਹਾ ਦੇਸ਼ ਜਿਸ ਦੀ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਹਜ਼ਾਰਾਂ ਸਾਲ ਪੁਰਾਣੀ ਹੈ। ਇਹ ਦੱਖਣੀ-ਪੱਛਮੀ ਏਸ਼ੀਆ ਵਿੱਚ ਸਥਿਤ ਹੈ ਅਤੇ ਇਸ ਦੀਆਂ ਸਰਹੱਦਾਂ ਅਫਗਾਨਿਸਤਾਨ, ਪਾਕਿਸਤਾਨ, ਤੁਰਕਮੇਨਿਸਤਾਨ, ਅਜ਼ਰਬਾਈਜਾਨ, ਅਰਮੀਨੀਆ, ਤੁਰਕੀ, ਇਰਾਕ ਅਤੇ ਫਾਰਸ ਦੀ ਖਾੜੀ ਨਾਲ ਲੱਗਦੀਆਂ ਹਨ। ਇਰਾਨੀ ਸੱਭਿਅਤਾ ਨੂੰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਪ੍ਰਭਾਵਸ਼ਾਲੀ ਸੱਭਿਅਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਨੇ ਕਲਾ, ਸਾਹਿਤ, ਵਿਗਿਆਨ, ਅਤੇ ਸਿਆਸਤ ਵਿੱਚ ਅਹਿਮ ਯੋਗਦਾਨ ਪਾਇਆ।
ਇਰਾਨੀ ਸੱਭਿਅਤਾ ਦੀ ਸ਼ੁਰੂਆਤ ਲਗਭਗ 3000 ਈਸਾ ਪੂਰਵ ਤੋਂ ਮੰਨੀ ਜਾਂਦੀ ਹੈ, ਜਦੋਂ ਏਲਾਮੀ ਸੱਭਿਅਤਾ (Elamite Civilization) ਨੇ ਇਸ ਖੇਤਰ ਵਿੱਚ ਜੜ੍ਹਾਂ ਜਮਾਈਆਂ। ਇਸ ਤੋਂ ਬਾਅਦ, ਮੀਡੀਅਨ The Median Empire ਅਤੇ ਅਕੇਮੇਨੀਡ ਸਾਮਰਾਜ The Achaemenid Empire ਨੇ ਇਰਾਨੀ ਸਭਿਅਤਾ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ। ਅਕੇਮੇਨੀਡ ਸਾਮਰਾਜ (550–330 ਈਸਾ ਪੂਰਵ), ਜਿਸ ਦੀ ਸਥਾਪਨਾ ਸਾਈਰਸ ਮਹਾਨ (Cyrus the Great) ਨੇ ਕੀਤੀ, ਵਿਸ਼ਵ ਦਾ ਪਹਿਲਾ ਮਹਾਨ ਸਾਮਰਾਜ ਸੀ।
ਇਸ ਸਮੇਂ ਪੰਜਾਬ ਵੀ ਇਰਾਨੀ ਸ਼ਾਸਨ ਦਾ ਹਿੱਸਾ ਸੀ। ਉਸ ਸਮੇਂ ਦੇ ਸ਼ਬਦ ਦਿਲ, ਬਾਗ, ਗੁਲ, ਰੰਗ ਅੱਜ ਵੀ ਪੰਜਾਬੀ ਬੋਲੀ ਦਾ ਹਿੱਸਾ ਹਨ। ਸਿਹਰਾ, ਨੱਥ ਦਾ ਚਲਨ ਉਦੋੰ ਹੀ ਪੰਜਾਬ ਪਹੁੰਚਿਆ ਸੀ ਤੇ ਅੱਜ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਪ੍ਰਚੱਲਿਤ ਹੈ।ਸਿਤਾਰ, ਸਰੋਦ, ਤਬਲਾ ਵੀ ਉਸੇ ਸਮੇਂ ਏਧਰ ਪਹੁੰਚੇ ਹਨ। ਪੰਜਾਬੀ ਸਾਹਿਤ ਰੂਪ ਗਜ਼ਲ ਅਤੇ ਸੂਫ਼ੀ ਕਵਾਲੀਆਂ ਨੂੰ ਵੀ ਉਸੇ ਸਮੇਂ ਦੀ ਹੀ ਦੇਣ ਮੰਨਿਆ ਜਾਂਦਾ ਹੈ। ਬਰਿਆਨੀ, ਕਬਾਬ, ਸੁੱਕੇ ਮੇਵੇ ਵੀ ਉਦੋਂ ਹੀ ਭਾਰਤੀ ਉਪ ਮਹਾਂਦੀਪ ਵਿੱਚ ਪਹੁੰਚੇ ਸਨ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਉਸ ਸਮੇਂ ਦੇ ਪੰਜਾਬ ਨੂੰ “ਹਪਤਾ ਹੇਂਦੂ” ਦੇ ਰੂਪ ਵਿੱਚ ਜ਼ਿਕਰਿਆ ਗਿਆ ਹੈ। ਅੱਜ ਦਾ ਪ੍ਰਚੱਲਿਤ ਸਿਲਕ ਰੂਟ ਵੀ ਉਸ ਸਮੇਂ ਹੀ ਹੋਂਦ ‘ਚ ਆਇਆ ਤੇ ਸ਼ਾਇਦ ਇਹ ਸਭ ਤੋਂ ਪੁਰਾਣਾ ਵਪਾਰਕ ਲਾਂਘਾ ਹੋਵੇਗਾ, ਜਿਸਦਾ ਇੱਕ ਹਿੱਸਾ ਇਰਾਨ ਨੂੰ ਪੰਜਾਬ ਨਾਲ ਜੋੜਦਾ ਸੀ ਜਿਸ ਵਿੱਚ ਲਾਹੌਰ, ਮੁਲਤਾਨ ਅਤੇ ਟੈਕਸਲਾ ਵਰਗੇ ਸ਼ਹਿਰ ਸ਼ਾਮਲ ਸਨ।
ਇਸ ਨੇ ਸ਼ਾਸਨ, ਪ੍ਰਸ਼ਾਸਨ, ਅਤੇ ਬਹੁ-ਸੱਭਿਆਚਾਰਕ ਮੇਲ ਮਿਲਾਪ ‘ਤੇ ਡੂੰਘਾ ਅਸਰ ਪਾਇਆ ਹੈ। ਪਰਸੇਪੋਲਿਸ Persepolis “City of the Persians,” ਅਕੇਮੇਨੀਡ ਸਾਮਰਾਜ ਦੀ ਰਾਜਧਾਨੀ, ਅੱਜ ਵੀ ਇਸ ਦੀ ਸ਼ਾਨਦਾਰ ਵਿਰਾਸਤ ਦੀ ਗਵਾਹੀ ਦਿੰਦੀ ਹੈ।
ਬਾਅਦ ਵਿੱਚ ਪਾਰਥੀਅਨ The Parthian Empire ਅਤੇ ਸਾਸਾਨੀ ਸਾਮਰਾਜ The Sasanian Empire ਨੇ ਵੀ ਇਰਾਨੀ ਸੱਭਿਅਤਾ ਨੂੰ ਮਜ਼ਬੂਤ ਕੀਤਾ। ਸਾਸਾਨੀ ਸਾਮਰਾਜ (224–651 ਈਸਵੀ) ਨੂੰ ਇਰਾਨ ਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ, ਜਿੱਥੇ ਕਲਾ, ਸਾਹਿਤ, ਅਤੇ ਵਿਗਿਆਨ ਨੇ ਨਵੇਂ ਮੁਕਾਮ ਹਾਸਲ ਕੀਤੇ। ਜ਼ੋਰੋਆਸਟ੍ਰੀਅਨਿਜ਼ਮ (Zoroastrianism) ਇਸ ਸਮੇਂ ਦਾ ਪ੍ਰਮੁੱਖ ਧਰਮ ਸੀ ਜਿਸਨੂੰ ਹੁਣ ਪਾਰਸੀ ਵੀ ਕਹਿੰਦੇ ਹਨ।
ਇਰਾਨੀ ਸੱਭਿਅਤਾ ਦਾ ਸਭ ਤੋਂ ਵੱਡਾ ਯੋਗਦਾਨ ਸਾਹਿਤ ਦੇ ਖੇਤਰ ਵਿੱਚ ਹੈ। ਫਿਰਦੌਸੀ ਦੀ “ਸ਼ਾਹਨਾਮਾ” ਵਿਸ਼ਵ ਦੇ ਸਭ ਤੋਂ ਮਹਾਨ ਮਹਾਂਕਾਵਿ ਵਿੱਚੋਂ ਇੱਕ ਹੈ, ਜੋ ਇਰਾਨ ਦੇ ਮਿਥਿਹਾਸਕ ਅਤੇ ਇਤਿਹਾਸਕ ਅਤੀਤ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ, ਰੂਮੀ, ਹਾਫਿਜ਼, ਅਤੇ ਸ਼ੇਖ ਸਾਅਦੀ ਵਰਗੇ ਕਵੀਆਂ ਨੇ ਫਾਰਸੀ ਸਾਹਿਤ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿੱਤੀ। ਰੂਮੀ ਦੀਆਂ ਰਹੱਸਵਾਦੀ ਕਵਿਤਾਵਾਂ ਅਤੇ ਸ਼ੇਖ ਸਾਅਦੀ ਦੀਆਂ ਨੈਤਿਕ ਕਹਾਣੀਆਂ ਅੱਜ ਵੀ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਉਪਮਹਾਂਦੀਪ ਵਿੱਚ ਪੜ੍ਹੀਆਂ ਤੇ ਪੜ੍ਹਾਈਆਂ ਜਾਂਦੀਆਂ ਹਨ।
ਇਰਾਨੀ ਕਲਾ ਵਿੱਚ ਮਿਨੀਏਚਰ ਪੇਂਟਿੰਗਜ਼, ਕਾਰਪੇਟ ਬੁਣਾਈ, ਅਤੇ ਵਾਸਤੂਕਲਾ ਦੀ ਵਿਲੱਖਣ ਸ਼ੈਲੀ ਨੇ ਵੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਇਸਫਹਾਨ ਦੀ ਨਕਸ਼-ਏ-ਜਹਾਨ ਚੌਕ ਅਤੇ ਮਸਜਿਦਾਂ ਇਸਲਾਮੀ ਵਾਸਤੂਕਲਾ ਦੀਆਂ ਸ਼ਾਨਦਾਰ ਮਿਸਾਲਾਂ ਹਨ। ਇਰਾਨੀ ਸੰਗੀਤ ਅਤੇ ਨਾਚ ਵੀ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ।