09/04/2020
ਅੰਮ੍ਰਿਤ ਵੇਲੇ ਦਾ *ਹੁਕਮਨਾਮਾ*
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
ਅੰਗ-645, 09 ਅਪ੍ਰੈਲ 2020
*ਸਲੋਕੁ ਮਃ ੩* ॥
*ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥*
ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ,
*ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥*
ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ;
*ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥*
ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ।
*ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥*
ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ ॥੧॥
ਮਃ ੩ ॥
*ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥*
ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ;
*ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ* ॥
ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ।
*ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥*
ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ ॥੨॥
ਪਉੜੀ ॥
*ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥*
ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ,
*ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥*
ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ;
*ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ* ॥
ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ;
*ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥*
(ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ।
*ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ* ॥੭॥
ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ ॥੭॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ 🙏